ਚੰਡੀਗੜ (ਐਨ ਜ਼ੈਡ ਪੰਜਾਬੀ ਨਿਊਜ਼ ਸਰਵਿਸ ) ਜੱਗੂ ਭਗਵਾਨਪੁਰੀਆ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਅਕਾਲੀ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਖ਼ਾਲਸਾ ਗਰੁੱਪ ਬਾਜ ਕਾਹਲੋਂ ਬਾਹਮਣ ਮੋਗਾ ਦੇ ਪ੍ਰੀਤ ਲੌਂਗੋਵਾਲ ਨੇ ਆਪਣੇ ਫੇਸਬੁੱਕ ਅਕਾਊਂਟ ‘ਚ ਇਸ ਪੋਸਟ ਨੂੰ ਸਾਂਝਾ ਕੀਤਾ, ਜਿਸ ‘ਚ ਉਸ ਨੇ ਮਜੀਠੀਆ ਨੂੰ ਪੰਜਾਬ ‘ਚ ਨਸ਼ਾ ਲਿਆਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਲਿਖਿਆ ਕਿ ਅਜਿਹਾ ਹੋਣ ਕਾਰਨ ਕਈ ਘਰਾਂ ਦੇ ਚਿਰਾਗ ਤਕ ਬੁਝ ਗਏ ਹਨ। ਇਸ ਦੇ ਨਾਲ ਹੀ ਉਸ ਨੇ ਲਿਖਿਆ ਹੈ, ”ਕੋਈ ਵੀ ਗੈਂਗਸਟਰ ਖ਼ੁਦ ਨਹੀਂ ਬਣਦਾ। ਸਰਕਾਰਾਂ ਹੀ ਨੌਜਵਾਨਾਂ ਨੂੰ ਗੈਂਗਸਟਰ ਬਣਾਉਂਦੀ ਹੈ। ਇਹ ਨੇਤਾ ਆਪਣੇ ਬੱਚਿਆਂ ਨੂੰ ਤਾਂ ਵਿਦੇਸ਼ਾਂ ‘ਚ ਭੇਜ ਦਿੰਦੇ ਤੇ ਸਾਡੇ ਜਿਹਿਆਂ ਨੂੰ ਗੈਂਗਸਟਰ ਬਣਾ ਦਿੰਦੇ ਹਨ। ਬਾਕੀ ਰਹੀ ਉਨ੍ਹਾਂ ਦੀ ਵੀਰ ਜੱਗੂ ਨੂੰ ਮਰਵਾਉਣ ਦੀ ਗੱਲ, ਤਾਂ ਉਸ ਦੀ ਕੋਈ ਗੱਲ ਨਹੀਂ, ਮਰਨਾ ਤਾਂ ਇਕ ਦਿਨ ਸਾਰਿਆਂ ਨੇ ਹੀ ਹੈ ਪਰ ਅਜਿਹੇ ਨੇਤਾਵਾਂ ਦੇ ਸੀਨੇ ‘ਚ ਪਿੱਤਲ ਭਰਾਂਗੇ। ਹੁਣ ਅਸੀਂ ਦੱਸਾਂਗੇ ਕਿ ਗੈਂਗਵਾਰ ਕੀ ਹੁੰਦੀ ਹੈ।” ਅੰਤ ‘ਚ ਉਸ ਨੇ ਆਪਣਾ ਤੇ ਪਿੰਡ ਦਾ ਨਾਂ ਵੀ ਲਿਖਿਆ ਹੋਇਆ ਹੈ। ਉਧਰ, ਐੱਸਐੱਸਪੀ ਰਾਜਬਚਨ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧ ‘ਚ ਕੋਈ ਜਾਣਕਾਰੀ ਨਹੀਂ ਹੈ। ਫਿਰ ਵੀ ਉਹ ਚੈੱਕ ਕਰਵਾਉਣਗੇ, ਉਂਜ ਇਹ ਗਰੁੱਪ ਤਰਨਤਾਰਨ ‘ਚ ਸਰਗਰਮ ਹੈ।
